ਤੁਸੀਂ ਇੱਥੇ ਹੋ: ਘਰ > ਅਕਸਰ ਪੁੱਛੇ ਜਾਂਦੇ ਪ੍ਰਸ਼ਨ


ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਇਹ ਸੈਕਸ਼ਨ ਆਮ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਤਿਆਰ ਕੀਤਾ ਗਿਆ ਹੈ। ਕ੍ਰਿਪਾ ਕਰਕੇ ਇੱਕ ਪ੍ਰਸ਼ਨ ਚੁਣੋ:

ਪੰਜਾਬੀ ਕੀ ਹੈ?
ਗੁਰਮੁਖੀ ਕੀ ਹੈ?
ਸ਼ਾਹਮੁਖੀ ਕੀ ਹੈ?
ਯੂਨੀਕੋਡ ਕੀ ਹੈ?
ਆਈ ਐਸ ਸੀ ਆਈ ਆਈ (ISCII) ਕੀ ਹੈ?

ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਫ਼ਾਇਦੇ ਹਨ?
ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਨੁਕਸਾਨ ਹਨ?

ਮੇਰੇ ਕੋਲ ਪਹਿਲਾਂ ਹੀ ਪੰਜਾਬੀ ਵਿੱਚ ਇੱਕ ਵੈਬਸਾਇਟ ਹੈ, ਮੈਂ ਇਸਨੂੰ ਯੂਨੀਕੋਡ ਵਿੱਚ ਕਿਵੇਂ ਬਦਲ ਸਕਦਾ ਹਾਂ?
ਮੈਨੂੰ ਗੁਰਮੁਖੀ ਦੇ ਯੂਨੀਕੋਡ ਫ਼ੌਂਟ ਕਿੱਥੋਂ ਮਿਲ ਸਕਦੇ ਹਨ?

ਗੁਰਮੁਖੀ ਲਈ ਕੋਈ ਡੰਡਾ ਜਾਂ ਦੁਹਰਾ ਡੰਡਾ ਕਿਉਂ ਨਹੀਂ ਹੈ?
ਮੈਂ ‘ਅ’ ਉੱਪਰ ਲਾਂਵ ਕਿਉਂ ਨਹੀਂ ਲਗਾ ਸਕਦਾ ਹਾਂ?
ਸਾਰੇ ਪੈਰੀਂ ਅੱਖਰ ਕਿੱਥੇ ਹਨ?
ਸਾਰੇ ਗੁਰਮੁਖੀ ਅੱਖਰ ਅਜੀਬ ਕ੍ਰਮ ਵਿੱਚ ਕਿਉਂ ਹਨ?
ਮੈਂ ਗੁਰਮੁਖੀ ਦੇ ਸ਼ਬਦਾਂ ਨੂੰ ਕ੍ਰਮਵਾਰ ਕਿਵੇਂ ਕਰ ਸਕਦਾ ਹਾਂ?

ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਪ੍ਰਸ਼ਨ ਦਾ ਉੱਤਰ ਗਲਤ ਜਾਂ ਪੱਖਪਾਤ ਨਾਲ ਦਿੱਤਾ ਗਿਆ ਹੈ ਤਾਂ ਕ੍ਰਿਪਾ ਕਰਕੇ ਸੰਪਰਕ ਕਰੋ

ਪੰਜਾਬੀ ਕੀ ਹੈ?

ਪੰਜਾਬੀ, ਭਾਰਤੀ ਉਪ-ਮਹਾਂਦੀਪ ਦੇ ਲਗਭਗ 6 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਮੁੱਖ ਭਾਸ਼ਾ ਹੈ। ਇਸਦੇ ਦੋ ਰੂਪ ਹਨ: ਪੂਰਬੀ ਪੰਜਾਬੀ ਜੋ ਕਿ ਭਾਰਤ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਪੱਛਮੀ ਪੰਜਾਬੀ ਜੋ ਪਾਕਿਸਤਾਨ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਭਾਰਤ ਵਿੱਚ, ਪੰਜਾਬੀ ਇੱਕ ਪ੍ਰਾਂਤ ਦੀ ਸਰਕਾਰੀ ਭਾਸ਼ਾ ਹੈ ਅਤੇ ਇਸਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ। ਪਾਕਿਸਤਾਨ ਵਿੱਚ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਹਾਲਾਂਕਿ ਪਾਕਿਸਤਾਨ ਦੇ 3 ਕਰੋੜ ਲੋਕ ਪੰਜਾਬੀ ਬੋਲਦੇ ਹਨ (ਕਿਸੇ ਇੱਕ ਭਾਸ਼ਾ ਦਾ ਸਭ ਤੋਂ ਵੱਡਾ ਸਮੂਹ), ਇਹ ਪਾਕਿਸਤਾਨ ਦੀ ਅਧਿਕਾਰਤ ਭਾਸ਼ਾ ਨਹੀਂ ਹੈ। ਪਾਕਿਸਤਾਨ ਵਿੱਚ ਉਰਦੂ ਨੂੰ ਅੱਗੇ ਵਧਾਉਣ ਲਈ, ਪੰਜਾਬੀ ਦੀ ਰਸਮੀ ਵਰਤੋਂ ਭਾਰਤ ਨਾਲੋਂ ਕਾਫ਼ੀ ਘੱਟ ਹੈ।

ਦੁਨੀਆਂ ਦੇ ਦੂਜੇ ਦੇਸ਼ਾਂ (ਖ਼ਾਸ ਕਰਕੇ ਯੂਕੇ, ਕੇਨੇਡਾ, ਅਮਰੀਕਾ) ਵਿੱਚ ਪੰਜਾਬੀ ਬੋਲਣ ਵਾਲੇ ਬਹੁਤ ਲੋਕ ਹਨ। ਮੁੱਖ ਤੌਰ ਤੇ ਇਹ ਭਾਰਤੀ ਉਪ-ਮਹਾਂਦੀਪ ਦੇ ਵਿਚੋਂ ਆ ਕੇ ਇੱਥੇ ਵਸੇ ਲੋਕ ਜਾਂ ਉਹਨਾਂ ਦੇ ਬੱਚੇ ਹਨ।

ਗੁਰਮੁਖੀ ਬਾਰੇ Wikipedia ਦਾ ਲੇਖ (English)

ਗੁਰਮੁਖੀ ਕੀ ਹੈ?

ਗੁਰਮੁਖੀ, ਪੂਰਬੀ (ਭਾਰਤ ਦੇ) ਪੰਜਾਬ ਵਿੱਚ ਪੰਜਾਬੀ ਲਿਖਣ ਲਈ ਵਰਤੀ ਜਾਂਦੀ ਮੁੱਖ ਲਿਪੀ ਹੈ। ਗੁਰਮੁਖੀ ਲਿਪੀ ਲਾਂਡਾ ਵਰਣਮਾਲਾ ਤੋਂ ਬਣੀ ਹੈ ਅਤੇ 16ਵੀਂ ਸਦੀ ਵਿੱਚ ਗੁਰੂ ਅੰਗਦ ਦੇਵ ਦੇ ਦੁਆਰਾ ਇਸਦਾ ਪ੍ਰਮਾਣੀਕਰਣ ਕੀਤਾ ਗਿਆ ਸੀ। ਇਹ ਬ੍ਰਹਮੀ ਲਿਪੀਆਂ ਦੇ ਸਮੂਹ ਦਾ ਇੱਕ ਹਿੱਸਾ ਹੈ।

ਗੁਰਮੁਖੀ ਬਾਰੇ AncientScripts ਦਾ ਲੇਖ (English)
ਸਿੱਖ ਧਰਮ ਬਾਰੇ ਪੇਜ: ਗੁਰਮੁਖੀ (English)

ਸ਼ਾਹਮੁਖੀ ਕੀ ਹੈ?

ਸ਼ਾਹਮੁਖੀ, ਅਰਬੀ ਲਿਪੀ ਤੇ ਅਧਾਰਤ ਹੈ (ਸੱਜੇ ਤੋਂ ਖੱਬੇ ਪੜ੍ਹੀ ਜਾਂਦੀ ਹੈ) ਅਤੇ ਇਹ ਪੱਛਮੀ (ਪਾਕਿਸਤਾਨ ਦੇ) ਪੰਜਾਬ ਵਿੱਚ ਪੰਜਾਬੀ ਲਿਖਣ ਲਈ ਵਰਤੀ ਜਾਂਦੀ ਮੁੱਖ ਲਿਪੀ ਹੈ। ਇਸ ਵੈਬਸਾਇਟ ‘ਤੇ ਪੰਜਾਬੀ ਦੀ ਗੁਰਮੁਖੀ ਲਿਪੀ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਸ਼ਾਹਮੁਖੀ ਵਿੱਚ ਪੰਜਾਬੀ ਵਰਤਨ ਦੇ ਇੱਛੁਕ ਲੋਕਾਂ ਨੂੰ ਅਰਬੀ (ਅਤੇ ਉਰਦੂ) ਵਿੱਚ ਕੰਪਿਊਟਰ ਬਾਰੇ ਖੋਜ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ਾਹਮੁਖੀ ਬਾਰੇ Wikipedia ਦਾ ਲੇਖ (English)

ਯੂਨੀਕੋਡ ਕੀ ਹੈ?

ਯੂਨੀਕੋਡ ਅੰਤਰਰਾਸ਼ਟਰੀ ਮਿਆਰ ਹੈ ਜਿਸਦਾ ਮੰਤਵ ਹੈ ਇੱਕ ਅਜਿਹਾ ਕੋਡ ਨਿਸ਼ਚਿਤ ਕਰਨਾ ਜਿਸ ਵਿੱਚ ਮਨੁੱਖ ਦੁਆਰਾ ਲਿਖੀ ਜਾਣ ਵਾਲੀ ਹਰ ਇੱਕ ਭਾਸ਼ਾ ਲਈ ਲੋੜੀਂਦੇ ਹਰ ਇੱਕ ਅੱਖਰ ਲਈ ਇੱਕ ਕੋਡ ਬਿੰਦੂ (ਪੂਰਨ ਅੰਕ) ਹੋਵੇ। ਭਾਰਤੀ ਭਾਸ਼ਾਵਾਂ ਦੇ ਸੰਬੰਧ ਵਿੱਚ, ਇਸ ਵਿੱਚ 9 ਵੱਖ-ਵੱਖ ਲਿਪੀਆਂ ਸ਼ਾਮਲ ਹਨ:

ਦੇਵਨਗਰੀ (ਹਿੰਦੀ, ਮਰਾਠੀ, ਸੰਸਕ੍ਰਿਤ), ਬੰਗਾਲੀ (ਬੰਗਾਲੀ, ਅਸਾਮੀ), ਗੁਰਮੁਖੀ (ਪੰਜਾਬੀ), ਗੁਜਰਾਤੀ, ਉਰੀਆ, ਤਮਿਲ, ਤੇਲਗੂ, ਕੰਨੜਾ ਅਤੇ ਮਲਿਆਲਮ।

ਸਾਰੀ ਦੁਨੀਆਂ ਦੇ ਕੰਪਿਊਟਰਾਂ ਤੇ ਭਾਰਤੀ ਲਿਪੀਆਂ ਵਰਤਨ ਲਈ ਯੂਨੀਕੋਡ, ਪਹਿਲਾ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਗਿਆ ਮਿਆਰ ਮੁਹੱਈਆ ਕਰਦਾ ਹੈ।

ਯੂਨੀਕੋਡ ਕਨਸੋਰਟੀਅਮ (English)
ਯੂਨੀਕੋਡ ਬਾਰੇ Wikipedia ਦਾ ਲੇਖ (English)
ਯੂਨੀਕੋਡ ਵਿੱਚ ਭਾਰਤੀ ਲਿਪੀਆਂ ਬਾਰੇ Tamil.net ‘ਤੇ ਜਾਣਕਾਰੀ (English)

ਆਈ ਐਸ ਸੀ ਆਈ ਆਈ (ISCII) ਕੀ ਹੈ?

ਆਈ ਐਸ ਸੀ ਆਈ ਆਈ (ISCII) ਦਾ ਅਰਥ ਹੈ ਇੰਡਿਅਨ ਸਕ੍ਰਿਪਟ ਕੋਡ ਫ਼ੌਰ ਇਨਫ਼ੌਰਮੇਸ਼ਨ ਇੰਟਰਚੇਂਜ਼ (ਜਾਣਕਾਰੀ ਦੇ ਆਦਾਨ-ਪ੍ਰਦਾਨ ਵਾਸਤੇ ਭਾਰਤੀ ਲਿਪੀਆਂ ਲਈ ਕੋਡ) । ਵੱਖ-ਵੱਖ ਤਰ੍ਹਾਂ ਦੇ ਕੰਪਿਊਟਰਾਂ ਤੇ ਭਾਰਤੀ ਲਿਪੀਆਂ ਨੂੰ ਇਕੋ ਤਰੀਕੇ ਨਾਲ ਦਰਸਾਉਣ ਲਈ ਇਸਨੂੰ ਭਾਰਤ ਸਰਕਾਰ ਦੁਆਰਾ ਤਿਆਰ ਕੀਤਾ ਗਿਆ ਸੀ। ਇਸਨੂੰ ਲਾਗੂ ਕਰਨਾ ਮੁਸ਼ਕਲ ਸੀ ਅਤੇ ਇਸਨੂੰ ਪੂਰਾ ਸਮਰਥਨ ਨਹੀਂ ਮਿਲਿਆ। ਯੂਨੀਕੋਡ ਨੂੰ ‘ਆਈ ਐਸ ਸੀ ਆਈ ਆਈ’ ਦੇ ਮਿਆਰ ਤੇ ਅਧਾਰਤ ਕੀਤਾ ਗਿਆ ਸੀ ਅਤੇ ਇਸ ਸਮੇਂ ਇਸਨੂੰ ਕਾਫ਼ੀ ਜ਼ਿਆਦਾ ਸਮਰਥਨ ਮਿਲਿਆ ਹੋਇਆ ਹੈ।

ਨਵੇਂ ਪ੍ਰੋਜੈਕਟਾਂ ਤੇ ‘ਆਈ ਐਸ ਸੀ ਆਈ ਆਈ’ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਹੈ।

ਟੈਕਨਾਲੋਜੀ ਡਿਵੈਲਪਮੈਂਟ ਫ਼ੌਰ ਇੰਡਿਅਨ ਲੈਂਗਵਜਜ਼ - ਆਈ ਐਸ ਸੀ ਆਈ ਆਈ (English)

ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਫ਼ਾਇਦੇ ਹਨ?

ਯੂਨੀਕੋਡ, ਕੰਪਿਊਟਰ ਉੱਪਰ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਅੰਤਰਰਾਸ਼ਟਰੀ ਮਿਆਰ ਹੈ। ਹੌਲੀ-ਹੌਲੀ ਪਰ ਨਿਸ਼ਚਿਤ ਰੂਪ ਵਿੱਚ ਇਹ ਦੁਨੀਆਂ ਦੇ ਬਾਕੀ ਸਾਰੇ ਮਿਆਰਾਂ ਦੀ ਜਗ੍ਹਾ ਲੈ ਰਿਹਾ ਹੈ। ਕਿਸੇ ਯੂਨੀਕੋਡ ਤਕਨੀਕ ਵਾਲੇ ਕੰਪਿਊਟਰ ਤੇ ਤੁਸੀਂ ਇਹ ਕੰਮ ਕਰ ਸਕਦੇ ਹੋ:

  • ਫ਼ਾਇਲਾਂ ਅਤੇ ਫ਼ੋਲਡਰਾਂ ਦੇ ਨਾਂ ਗੁਰਮੁਖੀ ਵਿੱਚ ਰੱਖ ਸਕਦੇ ਹੋ।
  • ਪੂਰੇ ਵੈਬ (ਇੰਟਰਨੈਟ) ਦੀ ਗੁਰਮੁਖੀ ਵਿੱਚ ਖੋਜ ਕਰ ਸਕਦੇ ਹੋ, ਜਿਵੇਂ ਕਿ ਹੁਣ ਤੁਸੀਂ ਇੰਗਲਿਸ਼ ਵਿੱਚ ਕਰ ਸਕਦੇ ਹੋ। ਮੁੱਖ ਸਰਚ ਇੰਜਣਾਂ ਨਾਲ ਪਹਿਲਾਂ ਹੀ ਗੁਰਮੁਖੀ ਵਿੱਚ ਖੋਜ ਕੀਤੀ ਜਾ ਸਕਦੀ ਹੈ।
  • ਗੁਰਮੁਖੀ ਵਿੱਚ ਪ੍ਰੋਗ੍ਰਾਮ ਬਣਾ ਸਕਦੇ ਹੋ।
  • ਆਪਣੇ ਵੈਬਪੇਜਾਂ ਦੇ ਨਾਂ ਗੁਰਮੁਖੀ ਵਿੱਚ ਰੱਖ ਸਕਦੇ ਹੋ।
  • ਆਪਣੇ ਪੂਰੇ ਕੰਪਿਊਟਰ ਤੇ ਜਾਣਕਾਰੀ ਨੂੰ ਕ੍ਰਮਬੱਧ ਕਰ ਸਕਦੇ ਹੋ ਅਤੇ ਵਿਵਸਥਿਤ ਕਰ ਸਕਦੇ ਹੋ।
  • ਜਾਣਕਾਰੀ ਦੇ ਗੁੰਮ ਹੋਏ ਬਿਨਾਂ ਅਤੇ ਕਿਸੇ ਖ਼ਾਸ ਫ਼ੌਂਟਾਂ ਦੀ ਲੋੜ ਦੇ ਬਿਨਾਂ ਕੰਪਿਊਟਰ ਵਰਤਨ ਵਾਲੇ ਹੋਰ ਲੋਕਾਂ ਦੇ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੇ ਹੋ।

I18nGuy - ਯੂਨੀਕੋਡ ਦੇ ਫ਼ਾਇਦੇ (English)

ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਨੁਕਸਾਨ ਹਨ?

ਪੰਜਾਬੀ ਲਈ ਯੂਨੀਕੋਡ ਇੱਕ ਚੰਗਾ ਹੱਲ ਹੈ – ਪਰ ਇਸ ਦੇ ਕੁਝ ਨੁਕਸਾਨ ਵੀ ਹਨ:

  • ਯੂਨੀਕੋਡ ਗੁਰਮੁਖੀ ਲਈ ਸਮਰਥਨ ਅਜੇ ਸ਼ੁਰੂ ਹੀ ਹੋਇਆ ਹੈ। ਜਿਹਨਾਂ ਲੋਕਾਂ ਕੋਲ ਪੁਰਾਣੇ ਕੰਪਿਊਟਰ ਹਨ ਉਹ ਇਸ ਤਕਨੀਕ ਦਾ ਪੂਰਾ ਫ਼ਾਇਦਾ ਨਹੀਂ ਲੈ ਸਕਦੇ ਹਨ।
  • ਅਜੇ ਗੁਰਮੁਖੀ ਦੇ ਸਾਰੇ ਗੁਣ (ਪੁਰਾਣੇ) ਸ਼ਾਮਲ ਨਹੀਂ ਕੀਤੇ ਜਾ ਸਕੇ ਹਨ। ਅਜੋਕੀ ਪੰਜਾਬੀ ਲਈ ਇਹ ਸਮੱਸਿਆ ਨਹੀਂ ਹੈ।
  • ਯੂਨੀਕੋਡ ਗੁਰਮੁਖੀ ਦੀ ਵਰਤੋਂ ਕਰਨ ਲਈ, ਫ਼ੌਂਟ ਤੇ ਅਧਾਰਤ ਗੁਰਮੁਖੀ ਦੇ ਮੁਕਾਬਲੇ ਕੁਝ ਤਬਦੀਲੀਆਂ ਕਰਨ ਦੀ ਲੋੜ ਪੈਂਦੀ ਹੈ। ਉਦਾਹਰਨ ਲਈ ਹੋ ਸਕਦਾ ਹੈ ਤੁਹਾਨੂੰ ਕੀਬੋਰਡ ਦਾ ਇੱਕ ਵੱਖ ਲੇਆਊਟ ਵਰਤਨਾ ਪਵੇ।

ਮੇਰੇ ਕੋਲ ਪਹਿਲਾਂ ਹੀ ਪੰਜਾਬੀ ਵਿੱਚ ਇੱਕ ਵੈਬਸਾਇਟ ਹੈ, ਮੈਂ ਇਸਨੂੰ ਯੂਨੀਕੋਡ ਵਿੱਚ ਕਿਵੇਂ ਬਦਲ ਸਕਦਾ ਹਾਂ?

ਪੰਜਾਬੀ ਕੰਪਿਉਟਿੰਗ ਰਿਸੋਰਸ ਸੈਂਟਰ ਤੁਹਾਨੂੰ ਇੱਕ ਸੌਫ਼ਟਵੇਅਰ ਮੁਹੱਈਆ ਕਰਦਾ ਹੈ ਜਿਸ ਨਾਲ ਤੁਸੀਂ ਫ਼ੌਂਟ ਤੇ ਅਧਾਰਤ ਗੁਰਮੁਖੀ ਨੂੰ ਯੂਨੀਕੋਡ ਵਿੱਚ ਬਦਲ ਸਕਦੇ ਹੋ। ਇਹ ਪ੍ਰੋਗ੍ਰਾਮ - ਗੁਰਮੁਖੀ ਯੂਨੀਕੋਡ ਕਨਵਰਸ਼ਨ ਐਪਲੀਕੇਸ਼ਨ - ਮੁਫ਼ਤ ਹੈ ਅਤੇ ਹੁਣ ਡਾਊਨਲੋਡ ਕੀਤੇ ਜਾਣ ਲਈ ਉਪਲਬਧ ਹੈ। ਸਾਡੇ ਕੋਲ ਹੋਰ ਸ੍ਰੋਤ ਵੀ ਹਨ ਜੋ ਯੂਨੀਕੋਡ ਤਕਨੀਕ ਵਾਲੀਆਂ ਵੈਬਸਾਈਟਾਂ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਮੈਨੂੰ ਗੁਰਮੁਖੀ ਦੇ ਯੂਨੀਕੋਡ ਫ਼ੌਂਟ ਕਿੱਥੋਂ ਮਿਲ ਸਕਦੇ ਹਨ?

ਇਸ ਸਮੇਂ ਸਭ ਤੋਂ ਵੱਧ ਵਰਤਿਆ ਜਾ ਰਿਹਾ ਗੁਰਮੁਖੀ ਫ਼ੌਂਟ ਹੈ ਰਾਵੀ (Raavi) ਜੋ ਕਿ ਮਾਈਕ੍ਰੋਸੌਫ਼ਟ ਵਿੰਡੋਜ਼ ਦੇ ਨਾਲ ਆਉਂਦਾ ਹੈ। ਲਾਇਸੈਂਸਿੰਗ ਦੀਆਂ ਰੋਕਾਂ ਦੇ ਕਾਰਨ, ਅਸੀਂ ਇਸ ਫ਼ੌਂਟ ਦੀ ਫ਼ਾਇਲ ਨਹੀਂ ਦੇ ਸਕਦੇ ਹਾਂ। ਇਸ ਲਈ, ਅਸੀਂ ਆਪਣਾ ਮੁਫ਼ਤ ਦਿੱਤਾ ਜਾ ਸਕਣ ਵਾਲਾ ਫ਼ੋਂਟ ਬਣਾਇਆ ਹੈ ਜਿਸਦਾ ਨਾਮ ਸਾਬ (Saab) ਹੈ।

ਦੂਜੇ ਲੋਕਾਂ ਦੁਆਰਾ ਬਣਾਏ ਗਏ ਯੂਨੀਕੋਡ ਗੁਰਮੁਖੀ ਫ਼ੌਂਟ

ਗੁਰਮੁਖੀ ਲਈ ਕੋਈ ਡੰਡਾ ਜਾਂ ਦੁਹਰਾ ਡੰਡਾ ਕਿਉਂ ਨਹੀਂ ਹੈ?

ਇਸ ਸਮੇਂ, ਸਾਰੀਆਂ ਭਾਰਤੀ ਲਿਪੀਆਂ ਲਈ ਦੇਵਨਗਰੀ ਬਲੌਕ ਵਿੱਚ ਕ੍ਰਮਵਾਰ U+0964 ਅਤੇ U+0965 ਕੋਡ ਬਿੰਦੂਆਂ ਤੋਂ ਡੰਡਾ ਅਤੇ ਦੁਹਰਾ ਡੰਡਾ ਵਰਤਿਆ ਜਾਂਦਾ ਹੈ। ਇਸ ਨਾਲ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਯੂਨੀਕੋਡ ਵਿੱਚ ਤੁਸੀਂ ਵੱਖ-ਵੱਖ ਬਲੌਕਾਂ ਤੋਂ ਕੋਈ ਵੀ ਅੱਖਰ ਵਰਤ ਸਕਦੇ ਹੋ। ਇਸਦੀ ਇੱਕ ਉਦਾਹਰਨ ਹੈ ਇੰਗਲਿਸ਼ ਵਿਰਾਮ ਚਿੰਨ੍ਹਾਂ ਨੂੰ ਗੁਰਮੁਖੀ ਵਿੱਚ ਵਰਤਨਾ।

ਇਨਸਕ੍ਰਿਪਟ ਕੀਬੋਰਡ ਲੇ-ਆਊਟ ਵਿੱਚ U+0964 ਬਿੰਦੂ ਤੋਂ ਦੇਵਨਗਰੀ ਡੰਡਾ ਵਰਤਿਆ ਜਾਂਦਾ ਹੈ।

ਮੈਂ ‘ਅ’ ਉੱਪਰ ਲਾਂਵ ਕਿਉਂ ਨਹੀਂ ਲਗਾ ਸਕਦਾ ਹਾਂ?

ਇਤਿਹਾਸਕ ਅਤੇ ਲਿਪੀ ਬਦਲਣ ਦੇ ਕਾਰਨਾਂ ਕਰਕੇ, ਯੂਨੀਕੋਡ ਵਿੱਚ ਸੁਤੰਤਰ ਸ੍ਵਰਾਂ ਨੂੰ ਵੱਖ ਰੱਖਿਆ ਗਿਆ ਹੈ। ਇਸਦਾ ਅਰਥ ਹੈ ਇਹਨਾਂ ਨੂੰ ਦੋਂ ਹਿੱਸੇ ਜੋੜ ਕੇ ਨਹੀਂ ਬਣਾਇਆ ਜਾ ਸਕਦਾ ਹੈ (ਜਿਵੇਂ ਕਿ ਇੜੀ + ਲਾਂਵ)।

ਕੁਝ ਸਾਹਿਤਕ ਕੰਮਾਂ ਵਿੱਚ, ‘ਏ’ ਦੀ ਬਜਾਏ ‘ਅ‍ੇ’ ਵਰਤਿਆ ਜਾਂਦਾ ਹੈ। ਬਹੁਤ ਸਾਰੀ ਖੋਜ ਤੋਂ ਬਾਅਦ, ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਇਹ ਅਸਲ ਵਿੱਚ ਇੱਕ ਗਲਤੀ ਹੈ ਅਤੇ ਇਸਨੂੰ ‘ਏ’ ਦੇ ਨਾਲ ਬਦਲਿਆ ਜਾਣਾ ਚਾਹੀਦਾ ਹੈ। ਜੇ ਤੁਸੀਂ ਇਸਨੂੰ ਇਸ ਤਰ੍ਹਾਂ ਵਰਤਨਾ ਹੀ ਹੈ, ਤਾਂ ਇਹ ZWJ (Zero Width Joiner) ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ। ਇਹ ਇਸ ਤਰ੍ਹਾਂ ਹੈ, ਅ (U+0A05) + ZWJ (U+200D) + ੇ (U+0A47) ਜਿਸ ਨਾਲ ਅ‍ੇ ਬਣ ਜਾਏਗਾ। ਇਸ ਤਰੀਕੇ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਸਾਰੇ ਪ੍ਰੋਗ੍ਰਾਮ ZWJ ਨੂੰ ਠੀਕ ਤਰ੍ਹਾਂ ਨਾਲ ਨਹੀਂ ਲੈਂਦੇ ਹਨ।

ਸਾਰੇ ਪੈਰੀਂ ਅੱਖਰ ਕਿੱਥੇ ਹਨ?

ਯੂਨੀਕੋਡ ਵਿੱਚ ਪੈਰੀਂ ਜਾਂ ਹੇਠਾਂ ਵਾਲੇ ਅੱਖਰ ਅਲੱਗ ਨਹੀਂ ਦਿੱਤੇ ਗਏ ਹਨ। ਪੈਰੀਂ ਅੱਖਰ ਲਗਾਉਣ ਲਈ, ਤੁਹਾਨੂੰ ਪਹਿਲਾਂ ਮੁੱਖ ਅੱਖਰ, ਵਿਰਾਮ (ਹਲੰਤ) ਚਿੰਨ੍ਹ ਅਤੇ ਫੇਰ ਪੈਰੀਂ ਅੱਖਰ ਟਾਈਪ ਕਰਨਾ ਪਵੇਗਾ।

ਉਦਾਹਰਨ ਲਈ ਪ੍ਰਾ ਟਾਈਪ ਕਰਨ ਲਈ, ਤੁਸੀਂ ਪ + '੍' + ਰ ਟਾਈਪ ਕਰੋਗੇ ਜਿਸ ਨਾਲ ਪ੍ਰ ਬਣ ਜਾਵੇਗਾ। ਜੇ ਤੁਹਾਡੇ ਕੰਪਿਊਟਰ ਵਿੱਚ ਪੈਰੀਂ ਅੱਖਰ ਦਾ ਗਲਾਈਫ਼ ਨਹੀਂ ਹੈ, ਤਾਂ ਤੁਹਾਡਾ ਕੰਪਿਊਟਰ ਪਹਿਲੇ ਪੂਰੇ ਅੱਖਰ ਤੋਂ ਬਾਅਦ ਵਿਰਾਮ ਚਿੰਨ੍ਹ ਦਿਖਾਵੇਗਾ (ਜਿਵੇਂ ਕਿ ਪ੍‌ਰ)। ਵਿਰਾਮ ਤੋਂ ਬਾਅਦ ZWNJ (Zero Width Non-Joiner - U+200C) ਪਾ ਕੇ ਤੁਸੀਂ ਆਪਣੇ ਕੰਪਿਊਟਰ ਨੂੰ ਪੂਰਾ ਅੱਖਰ ਦਿਖਾਉਣ ਲਈ ਮਜ਼ਬੂਰ ਕਰ ਸਕਦੇ ਹੋ।

ਸਾਰੇ ਗੁਰਮੁਖੀ ਅੱਖਰ ਅਜੀਬ ਕ੍ਰਮ ਵਿੱਚ ਕਿਉਂ ਹਨ?

ਭਾਰਤੀ ਭਾਸ਼ਾਵਾਂ ਲਈ ਯੂਨੀਕੋਡ ISCII ਤੇ ਅਧਾਰਤ ਹੈ। ISCII ਨੇ 9 ਵੱਖ-ਵੱਖ ਭਾਰਤੀ ਲਿਪੀਆਂ ਲਈ ਕੋਡ ਬਣਾਏ ਅਤੇ ਇੱਕ ਅਜਿਹੀ ਤਕਨੀਕ ਤਿਆਰ ਕੀਤੀ ਜਿਸ ਨਾਲ ਅੱਖਰਾਂ ਨੂੰ ਇੱਕ ਲਿਪੀ ਤੋਂ ਦੂਜੀ ਲਿਪੀ ਵਿੱਚ ਅਸਾਨੀ ਨਾਲ ਬਦਲਿਆ ਜਾ ਸਕੇ। ਇਸ ਨਾਲ ਕੋਈ ਵਿਅਕਤੀ ਭਾਰਤੀ ਭਾਸ਼ਾਵਾਂ ਦੇ ਮਜ਼ਮੂਨ ਨੂੰ ਆਪਣੀ ਮਨਪਸੰਦ ਭਾਸ਼ਾ ਵਿੱਚ ਦੇਖ ਸਕਦੇ ਹਨ। ਇਹ ਤਾਂ ਸੰਭਵ ਹੋ ਸਕਿਆ ਕਿਉਂਕਿ ਬ੍ਰਹਮੀ ਅਧਾਰਤ ਲਿਪੀਆਂ ਦੇ ਵਿੱਚ ਬਹੁਤ ਸਾਰੀਆ ਸਮਾਨਤਾਵਾਂ ਸਨ।

ਇਸ ਕਾਰਨ, ਸਾਰੀਆਂ ਭਾਰਤੀ ਲਿਪੀਆਂ ਵਿੱਚ ਇਕੋ ਜਿਹੇ ਅੱਖਰ ਇਕੋ ਕੋਡ ਬਿੰਦੂ ‘ਤੇ ਸਨ ਜੋ ਕਿ ਦੇਵਨਗਰੀ ਬਲੌਕ ਤੇ ਅਧਾਰਤ ਹੈ। ਇਸ ਲਈ ਦੇਵਨਗਰੀ ਬਲੌਕ ਤੇ ਅਧਾਰਤ ਹੋਣ ਦੇ ਕਾਰਨ ਗੁਰਮੁਖੀ ਪੜ੍ਹਣ ਵਾਲਿਆਂ ਨੂੰ ਇਸਦਾ ਕ੍ਰਮ ਠੀਕ ਨਹੀਂ ਲੱਗਦਾ ਹੈ।

ਮੈਂ ਗੁਰਮੁਖੀ ਦੇ ਸ਼ਬਦਾਂ ਨੂੰ ਕ੍ਰਮਵਾਰ ਕਿਵੇਂ ਕਰ ਸਕਦਾ ਹਾਂ?

ਅੱਖਰਾਂ ਨੂੰ ਕ੍ਰਮਬੱਧ ਕਰਨ ਲਈ ਯੂਨੀਕੋਡ ਇੱਕ ਖ਼ਾਸ ਨਿਯਮ (algorithm) ਪ੍ਰਦਾਨ ਕਰਦਾ ਹੈ। ਗੁਰਮੁਖੀ ਨੂੰ ਸਹੀ ਕ੍ਰਮ ਵਿੱਚ ਕ੍ਰਮਬੱਧ ਕਰਨ ਲਈ ਤੁਹਾਡੇ ਸੌਫ਼ਟਵੇਅਰ ਵਿੱਚ ਇਹ ਨਿਯਮ ਜ਼ਰੂਰ ਲਾਗੂ ਹੋਣੇ ਚਾਹੀਦੇ ਹਨ।

ਗੁਰਮੁਖੀ ਕ੍ਰਮ ਚਾਰਟ (English)